Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਆਸਟ੍ਰੇਲੀਅਨ ਸੰਸਦ ਮੈਂਬਰ ਅਤੇ ਸਾਬਕਾ ਵਿਦਿਆਰਥੀ ਡਾ. ਪਰਵਿੰਦਰ ਕੌਰ ਨੇ ਪੀ.ਏ.ਯੂ. ਦੇ ਦੌਰੇ ਦੌਰਾਨ ਉੱਚ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ

ਪੱਛਮੀ ਆਸਟਰੇਲੀਆ ਦੀ ਸੰਸਦ ਦੀ ਚੁਣੀ ਹੋਈ ਪ੍ਰੀਸ਼ਦ ਦੇ ਮੈਂਬਰ ਡਾ. ਪਰਵਿੰਦਰ ਕੌਰ ਜੋ ਪੀ.ਏ.ਯੂ. ਦੇ ਮਾਣਮੱਤੇ ਸਾਬਕਾ ਵਿਦਿਆਰਥੀ ਹਨ ਨੇ ਯੂਨੀਵਰਸਿਟੀ ਦਾ ਦੌਰਾ ਕਰਕੇ ਅੱਜ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ| ਇਸ ਦੌਰਾਨ ਪੱਛਮੀ ਅਸਟਰੇਲੀਆ ਦੇ ਸੰਸਦ ਮੈਂਬਰ ਆਪਣੀ ਸਾਬਕ ਸੰਸਥਾ ਨਾਲ ਬੜੀ ਭਾਵਪੂਰਤ ਮਿਲਣੀ ਕਾਰਨ ਭਾਵੁਕ ਨਜ਼ਰ ਆਏ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਸੰਸਥਾ ਦੇ ਸਾਬਕਾ ਵਿਦਿਆਰਥੀ ਦਾ ਸਵਾਗਤ ਕਰਦਿਆਂ ਖੁਸ਼ੀ ਪ੍ਰਗਟਾਈ ਕਿ ਪੀ.ਏ.ਯੂ. ਤੋਂ ਸਿੱਖਿਆ ਦੀ ਚਿਣਗ ਲੈਣ ਵਾਲੇ ਵਿਦਿਆਰਥੀਆਂ ਦੇ ਸਮਾਜਿਕ ਉਸਾਰੀ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ| ਉਹਨਾਂ ਨੇ ਪੀ.ਏ.ਯੂ. ਵੱਲੋਂ ਖੇਤੀ ਖੋਜ, ਸਿੱਖਿਆ ਅਤੇ ਪਸਾਰ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਡਾ. ਪਰਵਿੰਦਰ ਕੌਰ ਨੂੰ ਜਾਣੂੰ ਕਰਵਾਇਆ| ਇਸ ਦੌਰਾਨ ਡਾ. ਗੋਸਲ ਨੇ ਦੱਸਿਆ ਕਿ ਰਾਸ਼ਟਰ ਪੱਧਰੀ ਰੈਂਕਿੰਗ ਵਿਚ ਪੀ.ਏ.ਯੂ. ਨੇ ਬੀਤੇ ਤਿੰਨ ਸਾਲਾਂ ਤੋਂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਹੋਣ ਦਾ ਰੈਂਕਿੰਗ ਤਾਜ ਆਪਣੇ ਸਿਰ ਸਜਾਇਆ ਹੋਇਆ ਹੈ| ਇਸਦੇ ਨਾਲ ਹੀ ਕੌਮਾਂਤਰੀ ਪੱਧਰ ਦੀਆਂ ਖੇਤੀ ਯੂਨੀਵਰਸਿਟੀਆਂ ਵਿਚ ਵੀ ਪੀ.ਏ.ਯੂ. ਮੋਹਰਲੀ ਕਤਾਰ ਵਿਚ ਸ਼ੁਮਾਰ ਹੋਈ ਹੈ| ਇਸ ਤੋਂ ਬਿਨਾਂ ਡਾ. ਗੋਸਲ ਸੂਚਿਤ ਕੀਤਾ ਕਿ ਬਰਿਕਸ ਦੇਸ਼ਾਂ ਦੇ ਯੂਨੀਵਰਸਿਟੀਆਂ ਬਾਰੇ ਬਣਾਏ ਗੁੱਟ ਵਿਚ ਪੀ.ਏ.ਯੂ. ਨੂੰ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ|
ਇਸਦੇ ਨਾਲ ਹੀ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਖੇਤੀ ਨੂੰ ਰਵਾਇਤ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਅਤੇ ਨਵੀਨ ਲੱਭਤਾਂ ਦੇ ਰਾਹ ਤੋਰਨ ਲਈ ਪਾਏ ਜਾ ਰਹੇ ਨਵੇਂ ਪੂਰਨਿਆਂ ਦਾ ਤੁਆਰਫ ਕਰਵਾਇਆ| ਉਹਨਾਂ ਕਿਹਾ ਕਿ ਜਿੱਥੇ ਭੋਜਨ ਸੁਰੱਖਿਆ ਦੇ ਮੱਦੇਨਜ਼ਰ ਫਸਲੀ ਝਾੜ ਨੂੰ ਬਰਕਰਾਰ ਰੱਖਣ ਵੱਲ ਯੂਨੀਵਰਸਿਟੀ ਦੀ ਖੋਜ ਸੇਧਿਤ ਰਹੀ ਹੈ ਉਥੇ ਸਿਹਤ ਸੰਬੰਧੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪੌਸ਼ਟਿਕਤਾ ਵੀ ਖੋਜ ਦਾ ਅਹਿਮ ਨੁਕਤਾ ਬਣੀ ਹੈ| ਡਾ. ਗੋਸਲ ਨੇ ਦੱਸਿਆ ਕਿ ਖੇਤੀ ਨੂੰ ਕੇਵਲ ਕਾਸ਼ਤਕਾਰੀ ਦੀ ਥਾਂ ਵਢਾਈ ਉਪਰੰਤ ਮੁੱਲਵਾਧੇ, ਪ੍ਰੋਸੈਸਿੰਗ ਅਤੇ ਖੇਤੀ ਕਾਰੋਬਾਰ ਵਰਗੇ ਪੜਾਵਾਂ ਨਾਲ ਜੋੜਨ ਲਈ ਨਿਰੰਤਰ ਖੋਜ ਅਤੇ ਪਸਾਰ ਗਤੀਵਿਧੀਆਂ ਜਾਰੀ ਹਨ| ਉਹਨਾਂ ਨੇ ਇਸ ਸੰਬੰਧ ਵਿਚ ਸਿਖਲਾਈਆਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਹੱਥੀਂ ਤਜਰਬਾਕਾਰੀ ਲਈ ਭੋਜਨ ਉਦਯੋਗ ਇਨਕੁਬੇਸ਼ਨ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦਾ ਉਲੇਖ ਕੀਤਾ| ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਪ੍ਰੋਸੈਸਿੰਗ ਨਾਲ ਜੋੜ ਕੇ ਉਹਨਾਂ ਦੀ ਮੁਹਾਰਤ ਨਿਖਾਰਨ ਲਈ ਖੇਤੀ ਪ੍ਰੋਸੈਸਿੰਗ ਕੇਂਦਰ ਨਵੀਂ ਅਤੇ ਅਗਾਂਹਵਧੂ ਸ਼ੈਲੀ ਧਾਰਨ ਕਰ ਰਿਹਾ ਹੈ| ਇਸਦੇ ਨਾਲ ਹੀ ਛੋਟੇ ਕਿਸਾਨਾਂ ਨੂੰ ਸਵੈ ਨਿਰਭਰ ਅਤੇ ਲਗਾਤਾਰ ਆਮਦਨ ਵਾਲਾ ਬਨਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਵੀ ਕ੍ਰਾਂਤੀਕਾਰੀ ਖੇਤੀ ਮਾਡਲ ਹੈ| ਯੂਨੀਵਰਸਿਟੀ ਵੱਲੋਂ ਵਿਗਿਆਨਕ ਖੇਤੀ ਦੇ ਨਵੇਂ ਤਰੀਕਿਆਂ ਜਿਵੇਂ ਏ ਆਈ, ਸੈਂਸਰ ਅਧਾਰਿਤ ਖੇਤੀਬਾੜੀ ਅਤੇ ਸਵੈ ਸੰਚਾਲਿਤ ਖੇਤੀ ਸੰਦਾਂ ਬਾਰੇ ਵਿਸ਼ੇਸ਼ ਖੋਜ ਹੋਈ ਹੈ| ਡਾ. ਗੋਸਲ ਨੇ ਕਿਹਾ ਕਿ ਨਵੀਂ ਪੀੜੀ ਨੂੰ ਖੇਤੀ ਸਿੱਖਿਆ ਪ੍ਰਦਾਨ ਕਰਕੇ ਕਾਸ਼ਤਕਾਰੀ ਨਾਲ ਜੋੜਨ ਵੱਲ ਪੀ.ਏ.ਯੂ. ਵਿਸ਼ੇਸ਼ ਤੌਰ ਤੇ ਤਤਪਰ ਸੰਸਥਾ ਵਜੋਂ ਸਾਹਮਣੇ ਆਈ ਹੈ|
ਉਹਨਾਂ ਨੇ ਅਕਾਦਮਿਕ ਅਤੇ ਖੋਜ ਦੇ ਪੱਖ ਤੋਂ ਮਜ਼ਬੂਤ ਢਾਂਚੇ ਦੀ ਉਸਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਨਾਲ ਸਹਿਯੋਗ ਲਈ ਕੀਤੇ ਸਮਝੌਤਿਆਂ ਦਾ ਵਿਸ਼ੇਸ਼ ਹਵਾਲਾ ਦਿੱਤਾ| ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਅਤੇ ਪੱਛਮੀ ਆਸਟਰੇਲੀਆ ਯੂਨੀਵਰਸਿਟੀ ਵਿਚਕਾਰ ਲੰਮੇ ਸਮੇਂ ਤੋਂ ਸਾਂਝ ਅਤੇ ਸਹਿਯੋਗ ਦੀ ਪਰੰਪਰਾ ਨੂੰ ਨਿਭਾਇਆ ਜਾ ਰਿਹਾ ਹੈ|
ਡਾ. ਪਰਵਿੰਦਰ ਕੌਰ ਨੇ ਪੀ.ਏ.ਯੂ. ਵਿਖੇ ਗੁਜ਼ਾਰੇ ਸਾਲਾਂ ਨੂੰ ਭਾਵੁਕਤਾ ਨਾਲ ਯਾਦ ਕੀਤਾ| ਉਹਨਾਂ ਦੱਸਿਆ ਕਿ ਪਹਿਲਾਂ ਗ੍ਰੈਜੂਏਸ਼ਨ ਅਤੇ ਫਿਰ ਕੀਟ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਨਾਲ ਉਹਨਾਂ ਨੂੰ ਵਿਗਿਆਨਕ ਸਮਝਦਾਰੀ ਦਾ ਮਜ਼ਬੂਤ ਮੰਚ ਪ੍ਰਾਪਤ ਹੋਇਆ| ਉਹਨਾਂ ਇਹ ਵੀ ਦੱਸਿਆ ਕਿ ਵਿਗਿਆਨ ਦੀ ਇਸ ਜ਼ਮੀਨ ਉੱਪਰ ਖਲੋ ਕੇ ਉਹਨਾਂ ਨੇ ਬਾਅਦ ਵਿਚ ਪੱਛਮੀ ਆਸਟਰੇਲੀਆ ਦੀ ਯੂਨੀਵਰਸਿਟੀ ਤੋਂ ਮੌਲੀਕਿਊਲਰ ਜੀਵ ਵਿਗਿਆਨ, ਜੀਨੋਮਿਕਸ ਅਤੇ ਬਾਇਓਤਕਨਾਲੋਜੀ ਦੇ ਖੇਤਰ ਵਿਚ ਕਾਰਜ ਕੀਤਾ| ਵਿਗਿਆਨਕ ਪੜਾਈ ਤੋਂ ਹਾਸਲ ਹੋਏ ਆਤਮ ਵਿਸ਼ਵਾਸ ਸਦਕਾ ਹੀ ਉਹਨਾਂ ਨੇ ਪਹਿਲਾਂ ਕੌਮਾਂਤਰੀ ਖੋਜ ਅਤੇ ਫਿਰ ਲੋਕ ਆਗੂ ਦੇ ਤੌਰ ਤੇ ਸਫਲਤਾ ਦੀਆਂ ਬੁਲੰਦੀਆਂ ਛੂਹੀਆਂ|
ਉਹਨਾਂ ਨੇ ਪੜ੍ਹਾਈ ਵਿਚ ਅੰਤਰ ਅਨੁਸ਼ਾਸਨੀ ਪਹੁੰਚ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪਣੀ ਮੁਹਾਰਤ ਨਿਖਾਰਨ ਅਤੇ ਪੇਸ਼ੇਵਰ ਪਹੁੰਚ ਅਪਣਾ ਕੇ ਕੌਮਾਂਤਰੀ ਪੱਧਰ ਦੇ ਸ਼ਖਸੀ ਵਿਕਾਸ ਦੀ ਲੋੜ ਹੈ| ਉਹਨਾਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੇ ਫ਼ਸਲ ਵਿਗਿਆਨ ਦੇ ਵਿਸ਼ੇ ਤੋਂ ਜੋ ਜਾਣਕਾਰੀ ਹਾਸਲ ਕੀਤੀ ਉਸਨੂੰ ਬਾਅਦ ਵਿਚ ਪਸ਼ੂ ਜੀਨ ਵਿਗਿਆਨ ਦੀ ਖੋਜ ਉੱਪਰ ਲਾਗੂ ਕਰਦਿਆਂ ਅੰਤਰ ਖੇਤਰ ਵਿਧੀ ਰਾਹੀਂ ਜੈਵਿਕ ਭਿੰਨਤਾ ਨੂੰ ਜਾਣਿਆ| ਨਾਲ ਹੀ ਉਹਨਾਂ ਨੇ ਭਾਰਤ ਅਤੇ ਆਸਟਰੇਲੀਆ ਸਰਕਾਰਾਂ ਵਿਚਕਾਰ ਸਾਂਝ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਗੱਲ ਕਰਦਿਆਂ ਭੋਜਨ ਮੁੱਲ ਲੜੀ ਅਤੇ ਪ੍ਰੋਸੈਸਿੰਗ ਤੋਂ ਇਲਾਵਾ ਮੁਹਾਰਤ ਹਾਸਲ ਮਨੁੱਖੀ ਸ਼ਕਤੀ ਦੇ ਤਬਾਦਲੇ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੇ ਹਾਣੀ ਬਨਾਉਣ ਲਈ ਲੋੜੀਂਦਾ ਸਹਿਯੋਗ ਕਰ ਸਕਣ| ਇਸਦੇ ਨਾਲ ਹੀ ਉਹਨਾਂ ਨੇ ਭਾਰਤ ਅਤੇ ਆਸਟਰੇਲੀਆ ਦੇ ਸੰਬੰਧਾਂ ਦੇ ਹਵਾਲੇ ਨਾਲ ਖੋਜ ਫੈਲੋਸ਼ਿਪਾਂ ਅਤੇ ਖੋਜ ਲਈ ਕੀਤੇ ਜਾਣ ਵਾਲੇ ਸਹਿਯੋਗ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਨਿਵੇਸ਼ ਕਰਨ ਵਾਲਿਆਂ ਨੂੰ ਸਰਕਾਰੀ ਨੀਤੀਆਂ ਦਾ ਸਹਿਯੋਗ ਦਾ ਲੋੜੀਂਦਾ ਹੀ ਹੈ, ਨਾਲ ਹੀ ਸੰਸਥਾ ਵੱਲੋਂ ਦਿੱਤੀ ਜਾਣ ਵਾਲੀ ਅਗਵਾਈ ਅਤੇ ਤਜਰਬਾ ਵੀ ਉਹਨਾਂ ਦੇ ਕੰਮ ਆਉਂਦਾ ਹੈ| ਇਸ ਦਿਸ਼ਾ ਵਿਚ ਉਹਨਾਂ ਨੇ ਕਿਸਾਨੀ ਵਫ਼ਦਾਂ, ਉੱਦਮੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਨਿਵੇਸ਼ ਧਿਰਾਂ ਵੱਲੋਂ ਸਾਂਝੇ ਕੰਮ ਦੀਆਂ ਸੰਭਾਵਨਾਵਾਂ ਉੱਪਰ ਚਾਨਣਾ ਪਾਇਆ| ਉਹਨਾਂ ਨੇ ਬਾਇਓਤਕਨਾਲੋਜੀ ਅਤੇ ਖੇਤੀ ਕਾਰੋਬਾਰ ਦੇ ਖੇਤਰ ਵਿਚ ਸਾਂਝੇ ਕਾਰਜਾਂ ਦੇ ਮੌਕੇ ਨੂੰ ਵਿਸ਼ੇਸ਼ ਤੌਰ ਤੇ ਜ਼ਿਕਰ ਅਧੀਨ ਲਿਆਂਦਾ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਪਸਾਰ ਅਤੇ ਖੋਜ ਸੰਬੰਧੀ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ| ਉਹਨਾਂ ਨੇ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਐਗਰੀ ਬਿਜ਼ਨਸ ਇਨਕੁੁਬੇਟਰ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ| ਉਹਨਾਂ ਦੱਸਿਆ ਕਿ ਖੇਤੀ ਉੱਦਮੀਆਂ ਨੂੰ ਉਡਾਨ ਅਤੇ ਉੱਦਮ ਸਿਖਲਾਈ ਪ੍ਰੋਗਰਾਮਾਂ ਤਹਿਤ ਮੁਹਾਰਤ ਭਰਪੂਰ ਕਰਕੇ ਕਾਰੋਬਾਰ ਸ਼ੁਰੂ ਕਰਨ ਲਈ ਇਮਦਾਦ ਹਾਸਲ ਕਰਨ ਦਾ ਕਾਰਜ ਪੀ.ਏ.ਯੂ. ਵੱਲੋਂ ਕੀਤਾ ਜਾ ਰਿਹਾ ਹੈ| ਇਸਦੇ ਨਾਲ ਹੀ ਉਹਨਾਂ ਨੇ ਤਕਨਾਲੋਜੀ ਰੂਪਾਂਤਰਣ ਲਈ ਸੰਚਾਰ ਕੇਂਦਰ ਵੱਲੋਂ ਅਪਣਾਏ ਜਾਣ ਵਾਲੇ ਰਵਾਇਤੀ ਅਤੇ ਨਵੀਨ ਤਰੀਕਿਆਂ ਸੰਬੰਧੀ ਵੀ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਅਤੇ ਵੱਧ ਮੁਨਾਫ਼ੇ ਵਾਲੀ ਖੇਤੀ ਨਾਲ ਜੋੜਨ ਲਈ ਨਿਰੰਤਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ|
ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਇਸ ਬੈਠਕ ਦਾ ਸੰਚਾਲਨ ਕੀਤਾ| ਬਾਅਦ ਵਿਚ ਡਾ. ਪਰਵਿੰਦਰ ਕੌਰ ਨੇ ਹੋਸਟਲ ਨੰ. 6 ਵਿਚ ਉਸ ਕਮਰੇ ਨੂੰ ਦੇਖਿਆ ਜਿੱਥੇ ਉਹ ਰਿਹਾ ਕਰਦੇ ਸਨ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਮਾਣਯੋਗ ਵਾਈਸ ਚਾਂਸਲਰ ਦੀ ਮੌਜੂਦਗੀ ਵਿਚ ਡਾ. ਪਰਵਿੰਦਰ ਕੌਰ ਦਾ ਸਨਮਾਨ ਕੀਤਾ|