ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਅਤੇ ਖੇਤੀ ਚੁਣੌਤੀਆਂ ਦਾ ਟਾਕਰਾ ਕਰਨ ਲਈ ਕਿਸਾਨੀ ਨੂੰ ਅਗਾਂਹਵਧੂ ਰਸਤੇ ਉੱਪਰ ਤੋਰਨ ਦੀਆਂ ਸੰਭਾਵਨਾਵਾਂ ਦੀ ਤਲਾਸ਼ ਹਿਤ ਸ਼੍ਰੀ ਅਰਸ਼ਦੀਪ ਸਿੰਘ ਥਿੰਦ, ਪ੍ਰਸ਼ਾਸਕੀ ਸਕੱਤਰ (ਖੇਤੀਬਾੜੀ ਅਤੇ ਕਿਸਾਨ ਭਲਾਈ), ਪੰਜਾਬ ਨੇ ਅੱਜ ਪੀ ਏ ਯੂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਸਮੇਤ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨਾਲ ਉਸਾਰੂ ਗੱਲਬਾਤ ਕੀਤੀ।
ਪਾਣੀ ਦੀ ਕਮੀ, ਵਾਤਾਵਰਨ ਸੰਭਾਲ ਅਤੇ ਅਨਿਸ਼ਚਿਤ ਸਥਿਤੀਆਂ ਦੇ ਬਾਵਜੂਦ ਸਥਿਰ ਆਮਦਨ ਲਈ ਦਰਪੇਸ਼ ਚੁਣੌਤੀਆਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਥਿੰਦ ਨੇ ਕਿਹਾ ਕਿ ਇਸ ਦੇ ਸਮਾਂਤਰ ਬਦਲ ਵਜੋਂ ਸਹਾਇਕ ਕਿੱਤਿਆਂ, ਖਾਸ ਕਰਕੇ ਖੇਤੀਬਾੜੀ-ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨਾਲ ਜੁੜਨਾ ਅਜੋਕੇ ਸਮੇਂ ਦੀ ਲੋੜ ਹੈ। ਉਨ੍ਹਾਂ ਖੇਤੀ ਉੱਦਮ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ, ਕਿਸਾਨ ਬੀਬੀਆਂ ਅਤੇ ਨੌਜਵਾਨਾਂ ਵਿੱਚ ਉੱਦਮ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਪੇਂਡੂ ਇਲਾਕਿਆਂ ਵਿਚ ਰੋਜ਼ੀ ਰੋਟੀ ਦੇ ਭਰਪੂਰ ਸਾਧਨ ਪੈਦਾ ਕੀਤੇ ਜਾ ਸਕਣ। ਖੇਤੀਬਾੜੀ ਭਾਈਚਾਰੇ ਨੂੰ ਆਤਮ ਨਿਰਭਰ ਬਣਾਉਣ ਦਾ ਸੱਦਾ ਦਿੰਦੇ ਹੋਏ ਸ਼੍ਰੀ ਥਿੰਦ ਨੇ ਰਾਜ ਸਰਕਾਰ ਦੁਆਰਾ ਖੇਤੀਬਾੜੀ ਕਾਰੋਬਾਰਾਂ ਨੂੰ ਸਹਿਯੋਗੀ ਕਾਰਜਾਂ ਵਜੋਂ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੇਂਡੂ ਭਾਈਚਾਰੇ ਨੂੰ ਆਮਦਨ ਦੇ ਸਥਿਰ ਪ੍ਰਵਾਹ ਲਈ ਖੇਤੀਬਾੜੀ-ਪ੍ਰੋਸੈਸਿੰਗ ਵਰਗਾ ਭਰੋਸੇਯੋਗ ਅਤੇ ਸਥਿਰ ਬਦਲ ਦਿੱਤਾ ਜਾਣਾ ਚਾਹੀਦਾ ਹੈ ਜਿਸ ਨਾਲ ਪੇਂਡੂ ਇਕਾਈਆਂ ਦੀ ਆਪਸੀ ਨਿਰਭਰਤਾ ਦਾ ਵਿਕਾਸ ਸੰਭਵ ਹੋ ਸਕੇ।
ਬਾਜ਼ਾਰਾਂ ਵਿੱਚ ਮਿਲਾਵਟੀ ਅਤੇ ਸਿਹਤ ਲਈ ਖਤਰਨਾਕ ਭੋਜਨ ਉਤਪਾਦਾਂ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੇ ਹੋਏ ਸ਼੍ਰੀ ਥਿੰਦ ਨੇ ਕਿਹਾ ਕਿ ਖਪਤਕਾਰਾਂ ਦੇ ਬੂਹੇ ‘ਤੇ ਸ਼ੁੱਧ ਅਤੇ ਗੁਣਵੱਤਾ ਵਾਲੇ ਭੋਜਨ ਉਤਪਾਦ ਮੁਹਈਆ ਕਰਵਾਉਣ ਲਈ ਉਤਸ਼ਾਹਿਤ ਕਰਨ ਦਾ ਸਹੀ ਸਮਾਂ ਹੈ। ਉਨ੍ਹਾਂ ਪੀਏਯੂ ਵਲੋਂ ਪੰਜਾਬ ਭਰ ਵਿੱਚ ਐਗਰੋ-ਪ੍ਰੋਸੈਸਿੰਗ ਕੰਪਲੈਕਸਾਂ ਦੀ ਸਥਾਪਨਾ ਵਿੱਚ ਸ਼ਲਾਘਾਯੋਗ ਕੰਮ ਦੀ ਸਿਫ਼ਤ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਗਿਣਤੀ 370 ਤੋਂ ਵੱਧ ਹੋ ਗਈ ਹੈ ਅਤੇ ਲਗਾਤਾਰ ਵਧ ਰਹੀ ਹੈ। ਇਹ ਖੇਤੀਬਾੜੀ ਵਿੱਚ ਮਾਹਰ-ਉਦਮੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਹੈ ਅਤੇ ਪੇਂਡੂ ਖੇਤਰਾਂ ਵਿੱਚ ਆਰਥਿਕ ਅਤੇ ਰੁਜ਼ਗਾਰ ਦੇ ਵਿਕਾਸ ਲਈ ਪੀਏਯੂ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਨਾਲ ਹੀ ਸ਼੍ਰੀ ਥਿੰਦ ਨੇ ਲਾਭਕਾਰੀ ਨਤੀਜਿਆਂ ਲਈ ਹੁਨਰ ਦੇ ਵਿਕਾਸ ਅਤੇ ਵਿਸਥਾਰ ਵੱਲ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਆਪਣੇ ਹਾਲੀਆ ਪੀ ਏ ਯੂ ਦੌਰੇ ਦੌਰਾਨ, ਸ਼੍ਰੀ ਥਿੰਦ ਨੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀਆਂ ਗਈਆਂ ਪਾਣੀ-ਬਚਾਊ, ਵਾਤਾਵਰਨ ਅਤੇ ਭੂਮੀ ਸੰਭਾਲ ਤਕਨੀਕਾਂ ਅਤੇ ਫਸਲਾਂ ਦੀਆਂ ਕਿਸਮਾਂ ਦੀ ਸ਼ਲਾਘਾ ਕੀਤੀ। ਸ਼੍ਰੀ ਥਿੰਦ ਨੇ ਭਰੋਸਾ ਪ੍ਰਗਟਾਇਆ ਕਿ ਖੇਤੀ ਸੰਕਟਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੀਏਯੂ ਨੂੰ ਨਿਰੰਤਰ ਸਮਰਥਨ ਦਿੱਤਾ ਜਾਂਦਾ ਰਹੇਗਾ।
ਸ਼੍ਰੀ ਥਿੰਦ ਦਾ ਸਵਾਗਤ ਕਰਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਵਿੱਚ ਹੁਨਰ ਵਿਕਾਸ ਸਿਖਲਾਈਆਂ ਨੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਉੱਦਮ ਅਤੇ ਖੇਤੀ ਮੁਹਾਰਤ ਪੱਖੋਂ ਭਰਪੂਰ ਲਾਭ ਪਹੁੰਚਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁੜ ਬਣਾਉਣ ਅਤੇ ਸ਼ਹਿਦ-ਅਧਾਰਤ ਭੋਜਨ ਉਤਪਾਦਾਂ ਦੀ ਤਿਆਰੀ ਬਹੁਤ ਜ਼ਿਆਦਾ ਮੰਗ ਵਾਲੇ ਸਹਾਇਕ ਕਿੱਤਿਆਂ ਵਜੋਂ ਉਭਰ ਰਹੀ ਹੈ। ਇਸਦਾ ਕਾਰਨ ਇਹ ਵੀ ਹੈ ਕਿ ਖੰਡ ਦੇ ਬਦਲ ਵਜੋਂ ਭੋਜਨ ਬਣਾਉਣ ਲਈ ਇਨ੍ਹਾਂ ਉਤਪਾਦਾਂ ਦੀ ਵਰਤੋਂ ਬਾਰੇ ਦੇਸ਼ ਅਤੇ ਵਿਦੇਸ਼ਾਂ ਤੋਂ ਮੰਗ ਲਗਾਤਾਰ ਵਧੀ ਹੈ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਨੇ ਸਮੂਹਿਕ ਕਾਰਜ ਕੀਤਾ ਹੈ ਪਰ ਹੁਣ ਨਿੱਜੀ ਉੱਦਮੀ ਨਵਾਂ ਕਾਰੋਬਾਰੀ ਰੁਝਾਨ ਪੈਦਾ ਕਰ ਰਹੇ ਹਨ।
ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਜਿਵੇਂ ਜਿਵੇਂ ਖੇਤੀਬਾੜੀ-ਪ੍ਰੋਸੈਸਿੰਗ ਸਮਾਜਕ ਗਤੀ ਪ੍ਰਾਪਤ ਕਰ ਰਹੀ ਹੈ, ਉਸਦੇ ਨਾਲ ਹੀ ਖੇਤੀਬਾੜੀ ਅਤੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ। ਕਣਕ, ਚੌਲ, ਦਾਲਾਂ, ਤੇਲ ਬੀਜਾਂ, ਸਬਜ਼ੀਆਂ, ਫਲਾਂ ਆਦਿ ਦੀ ਪ੍ਰੋਸੈਸਿੰਗ ਬਾਰੇ ਪੀ ਏ ਯੂ ਦੀਆਂ ਤਕਨੀਕਾਂ ਦਾ ਹਵਾਲਾ ਦਿੰਦੇ ਹੋਏ ਡਾ. ਢੱਟ ਨੇ ਕਿਹਾ ਕਿ ਪੀਏਯੂ ਵਿਖੇ ਖੇਤੀ ਪ੍ਰੋਸੈਸਿੰਗ ਕੇਂਦਰਾਂ ਵਿੱਚ ਕਣਕ ਆਟਾ ਮਿੱਲ, ਮਿੰਨੀ ਚੌਲ ਮਿੱਲ, ਚੌਲ ਗਰੇਡਰ, ਦਾਲ ਮਿੱਲ, ਦਾਲ ਕਲੀਨਰ-ਕਮ-ਗ੍ਰੇਡਰ, ਹਾਈਡ੍ਰੌਲਿਕ ਤੇਲ ਪ੍ਰੋਸੈਸਰ, ਅਨਾਜ ਸਟੋਰੇਜ ਸਾਈਲੋ, ਆਟੋਮੈਟਿਕ ਪੈਕੇਜਿੰਗ ਮਸ਼ੀਨ, ਵੈਕਿਊਮ ਪੈਕੇਜਿੰਗ ਮਸ਼ੀਨ, ਨਾਈਟ੍ਰੋਜਨ ਪੈਕੇਜਿੰਗ ਮਸ਼ੀਨ ਆਦਿ ਵਰਗੀਆਂ ਮਸ਼ੀਨਾਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੇ ਕਿਸਾਨਾਂ ਨੂੰ ਆਪਣੀ ਆਮਦਨ ਦੁੱਗਣੀ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ।
ਨਿਰਦੇਸ਼ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਖੇਤੀ ਉੱਦਮ ਅਤੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਭਰ ਵਿੱਚ ਮੁੱਲ ਵਾਧਾ ਅਤੇ ਭੋਜਨ ਪ੍ਰੋਸੈਸਿੰਗ ਵਿੱਚ ਪੀ ਏ ਯੂ ਅਤੇ ਇਸਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਆਯੋਜਿਤ ਕੀਤੀਆਂ ਜਾ ਰਹੀਆਂ ਨਿਯਮਤ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ।
ਡਾ. ਜਸਵੰਤ ਸਿੰਘ, ਨਿਰਦੇਸ਼ਕ ਖੇਤੀਬਾੜੀ, ਪੰਜਾਬ, ਨੇ ਖੇਤੀਬਾੜੀ ਵਿਭਾਗ ਅਤੇ ਪੀ ਏ ਯੂ ਵਲੋਂ ਸਹਿਯੋਗ ਨਾਲ ਕੀਤੇ ਜਾਂਦੇ ਕਾਰਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਕੱਠੇ ਮਿਲ ਕੇ ਪਾਣੀ ਦੀ ਘੱਟ ਵਰਤੋਂ ਕਰਨ ਵਾਲੀਆਂ ਫਸਲਾਂ ਦੀਆਂ ਕਿਸਮਾਂ, ਉੱਨਤ ਖੇਤੀਬਾੜੀ ਤਕਨਾਲੋਜੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਨਾਲ ਹੀ ਫਸਲਾਂ ਉੱਪਰ ਕੀੜੇ-ਮਕੌੜਿਆਂ ਦੇ ਹਮਲਿਆਂ ਨੂੰ ਟਾਲਿਆ ਅਤੇ ਕਿਸਾਨਾਂ ਵਿੱਚ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕੀਤਾ ਹੈ।
ਡਾ. ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ (ਸੰਸਥਾਈ ਸੰਪਰਕ) ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਸਭ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਪੀਏਯੂ ਦੇ ਕਾਲਜਾਂ ਦੇ ਡੀਨ, ਡਾਇਰੈਕਟਰ, ਵਧੀਕ ਨਿਰਦੇਸ਼ਕ, ਵਿਭਾਗਾਂ ਦੇ ਮੁਖੀ ਅਤੇ ਮਾਹਿਰ ਮੌਜੂਦ ਸਨ।
