ਪੀ. ਏ. ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਬਾਰਸ਼ ਤੋਂ ਬਾਅਦ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਬੰਧਨ ਅਤੇ ਭੂਮੀ ਸਿਹਤ ਸੁਧਾਰ ਸਬੰਧੀ ਪਿੰਡ ਭੱਟੀਵਾਲ ਕਲਾਂ ਵਿਖੇ ਲਗਾਈ ਕਿਸਾਨ ਗੋਸ਼ਟੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਬਾਰਸ਼ ਤੋਂ ਬਾਅਦ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਬੰਧਨ ਅਤੇ ਭੂਮੀ ਸਿਹਤ ਸੁਧਾਰ ਸਬੰਧੀ ਪਿੰਡ ਭੱਟੀਵਾਲ ਕਲਾਂ ਵਿਖੇ ਲਗਾਈ ਕਿਸਾਨ ਗੋਸ਼ਟੀ ਲਗਾਈ।
ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਮੋਜੂਦਾ ਮੌਸਮ ਨੂੰ ਦੇਖਦੇ ਹੋਏ ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ ਅਤੇ ਮੀਂਹ ਤੋ ਬਾਅਦ ਕਣਕ ਦੇ ਪੀਲੇਪਣ ਦੇ ਪ੍ਰੰਬਧ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਨੁਕਤੇ ਦੱਸੇ। ਦਾਣੇ ਭਰਨ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ। ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਹੋਰ ਬਾਰੇ ਕਿਸਾਨਾਂ ਨੂੰ ਦੱਸਿਆ। ਉਪਰੋਕਤ ਉਤਪਾਦਾਂ ਤੋਂ ਇਲਾਵਾ ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ, ਪ੍ਰੀਮਿਕਸ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।
