ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਜੈਵਿਕ ਖੇਤੀ ਅਤੇ ਗੰਡੋਆ ਖਾਦ ਤਿਆਰ ਕਰਨ ਸਬੰਧੀ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਸਿਖਲਾਈ ਕਰਵਾਇਆ ਗਿਆ। ਜਿਸ ਵਿੱਚ 18 ਕਿਸਾਨਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਇਸ ਸਿਖਲਾਈ ਕੋਰਸ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਵੀਰਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੂੰ ਜੈੇਵਿਕ ਖੇਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਰਾਹੀਂ ਆਪਣੇ ਪਰਿਵਾਰ ਲਈ ਪੌਸ਼ਟਿਕ ਭੋਜਨ ਦੀ ਲੋੜ ਪੂਰੀ ਕਰਨ ਦੇ ਨਾਲ-ਨਾਲ ਵਪਾਰਕ ਪੱਧਰ ਉੱਤੇ ਵੀ ਇਸ ਦੇ ਵੱਧਦੇ ਹੋਏ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀਆਂ ਸਾਲਾਨਾ ਗਤੀਵਿਧੀਆਂ ਅਤੇ ਰਸਾਇਣਕ ਖਾਦਾਂ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਮਹੱਤਵਪੂਰਨ ਪਹਿਲੂਆਂ ਦੀ ਜਾਣਕਾਰੀ ਦਿੱਤੀ ਅਤੇ ਸਹੀ ਫ਼ਸਲੀ-ਚੱਕਰ ਦੀ ਚੋਣ ਕਰਨ ਬਾਰੇ ਦੱਸਿਆ |
ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿੱਚ ਵਰਤੀਆਂ ਜਾਣ ਵਾਲੇ ਵੱਖ-ਵੱਖ ਇਨਪੁਟਸ ਬਾਰੇ ਜਾਣਕਾਰੀ ਦਿੱਤੀ|
ਸ. ਇਕਬਾਲ ਸਿੰਘ, ਅਮਰ ਇਕਬਾਲ ਕੁਦਰਤੀ ਖੇਤੀ ਫਾਰਮ, ਪਿੰਡ ਡਸਕਾ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਅਤੇ ਸਰੋਂ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਹਲਦੀ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ |
ਸ੍ਰੀ ਗੁਰਮੀਤ ਸਿੰਘ, ਜ਼ਿਲਾ ਅਧਿਕਾਰੀ, ਪੰਜਾਬ ਐਗਰੋ, ਸੰਗਰੂਰ ਨੇ ਜੈਵਿਕ ਖੇਤੀ ਅਪਣਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਐਗਰੋ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਏਰੀਆ ਰਜਿਸਟਰਡ ਕਰਾਉਣ ਦੀ ਪ੍ਰੀਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।
ਸ. ਅਵਤਾਰ ਸਿੰਘ, ਮਾਸਟਰ ਵਰਮੀਕੰਪੋਸਟ ਫਾਰਮ, ਪਿੰਡ ਢੰਡੋਲੀ ਖੁਰਦ ਨੇ ਕਿਸਾਨਾਂ ਨੂੰ ਆਪਣੇ ਵਰਮੀ ਕੰਪੋਸਟ ਯੂਨਿਟ ਦਾ ਦੌਰਾ ਕਰਵਾਇਆ ਅਤੇ ਗੰਡੋਆ ਖਾਦ ਤਿਆਰ ਕਰਨ ਸਮੇਂ ਧਿਆਨ ਰੱਖਣਯੋਗ ਨੁਕਤਿਆਂ ਅਤੇ ਇਸ ਦੇ ਸੁਚੱਜੇ ਮੰਡੀਕਰਨ ਬਾਰੇ ਵਿਸਥਾਰ ਵਿੱਚ ਦੱਸਿਆ|
ਇਸ ਦੇ ਨਾਲ ਹੀ ਸਿਖਿਆਰਥਆਂ ਨੇ ਪੀ.ਏ.ਯੂ., ਲੁਧਿਆਣਾ ਵਿਖੇ ਸੰਯੁਕਤ ਖੇਤੀਬਾੜੀ ਮਾਡਲ ਅਤੇ ਜੈਵਿਕ ਖੇਤੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ| ਜਿੱਥੇ ਡਾ. ਸੋਹਣ ਸਿੰਘ ਵਾਲੀਆ, ਡਾਇਰੈਕਟਰ, ਸਕੂਲ ਆਫ ਆਰਗਨਿਕ ਐਂਡ ਨੈਚੁਰਲ ਫਾਰਮਿੰਗ ਨੇ ਕਿਸਾਨਾਂ ਨੂੰ ਸੁਯੰਕਤ ਖੇਤੀ ਮਾਡਲ ਅਪਣਾ ਕੇ ਵਧੇਰੇ ਆਮਦਨ ਕਮਾਉਣ ਦੇ ਨੁਕਤਿਆਂ ਬਾਰੇ ਦੱਸਿਆ।
ਸ. ਅੰਮ੍ਰਿਤਪਾਲ ਸਿੰਘ ਚਾਹਲ, ਬਰਨਾਲਾ ਨੈਚੂਰਲ ਫਾਰਮ, ਪਿੰਡ ਵਾਹਿਗੁਰੂਪੁਰਾ ਨੇ ਕਿਸਾਨਾਂ ਨੂੰ ਆਪਣੇ ਖੇਤ ਦਾ ਦੌਰਾ ਕਰਵਾਇਆ ਅਤੇ ਉਹਨਾਂ ਨਾਲ ਵੱਖ-ਵੱਖ ਜੈਵਿਕ ਫਸਲਾਂ ਦੇ ਉਤਪਾਦਨ, ਮੰਡੀਕਰਨ ਅਤੇ ਜੈਵਿਕ ਖੇਤੀ ਵਿੱਚ ਵਰਤੇ ਜਾਣ ਵਾਲੇ ਦੇਸੀ ਬੀਜਾਂ ਦੀਆਂ ਉਤਪਾਦਨ ਤਕਨੀਕਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਕਿਸਾਨ ਵੀਰਾਂ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਮਾਹਿਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ
