Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਕੋਰੀਆ ਤੋਂ ਆਏ ਵਫ਼ਦ ਨੇ ਪੀ.ਏ.ਯੂ. ਵਿਖੇ ਨਵੀਆਂ ਖੇਤੀਬਾੜੀ ਤਕਨਾਲੋਜੀਆਂ ਬਾਰੇ ਚਰਚਾ ਕੀਤੀ

ਕੋਰੀਅਨ ਗਣਰਾਜ ਤੋਂ ਆਏ ਉੱਚ ਪੱਧਰੀ ਵਫ਼ਦ ਨੇ ਅੱਜ ਪੀ.ਏ.ਯੂ. ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ| ਇਹ ਵਫ਼ਦ ਖੇਤੀ ਮਸ਼ੀਨਰੀ ਬਾਰੇ ਕੋਰੀਅਨ ਸੁਸਾਇਟੀ ਚੁੰਗਨਾਮ ਰਾਸ਼ਟਰੀ ਯੂਨੀਵਰਸਿਟੀ ਅਤੇ ਸਨਚਿਓਨ ਰਾਸ਼ਟਰੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਸ਼ਮੂਲੀਅਤ ਵਾਲਾ ਸੀ| ਇਸ ਦੌਰਾਨ ਖੇਤੀ ਮਾਹਿਰਾਂ ਨੇ ਦੁਵੱਲੇ ਅਕਾਦਮਿਕ, ਖੋਜ ਅਤੇ ਤਕਨੀਕੀ ਸਾਂਝਦਾਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ| ਬੈਠਕ ਦੌਰਾਨ ਖੇਤੀ ਮਸ਼ੀਨੀਕਰਨ, ਸੂਖਮ ਕਿਸਾਨੀ ਅਤੇ ਭਵਿੱਖ ਵਿਚ ਸਥਿਰ ਖੇਤੀਬਾੜੀ ਅਤੇ ਭੋਜਨ ਉਤਪਾਦਨ ਲਈ ਮਸ਼ੀਨਰੀ ਦੀ ਰੂਪਰੇਖਾ ਉੱਪਰ ਵੀ ਨਿੱਠ ਕੇ ਵਿਚਾਰ-ਚਰਚਾ ਸਿਰੇ ਚੜੀ|
ਇਸ ਵਫ਼ਦ ਵਿਚ ਪ੍ਰੋ. ਸਨ ਓਕ ਚੁੰਗ, ਪ੍ਰਧਾਨ ਚੁੰਗਨਾਮ ਰਾਸ਼ਟਰੀ ਯੂਨੀਵਰਸਿਟੀ, ਪ੍ਰੋ.ਹਾਈਉਕ ਜ਼ੂ ਕਿਮ ਸਾਬਕਾ ਪ੍ਰਧਾਨ, ਸਨਚਿਓਨ ਰਾਸ਼ਟਰੀ ਯੂਨੀਵਰਸਿਟੀ ਪ੍ਰੋ. ਕੀ ਤਏਗ ਲੀ ਡਾਇਰੈਕਟਰ ਕੋਰੀਅਨ ਖੇਤੀ ਮਸ਼ੀਨੀਕਰਨ ਨੀਤੀ ਸੰਸਥਾਨ ਸਨਚਿਓਨ ਰਾਸ਼ਟਰੀ ਯੂਨੀਵਰਸਿਟੀ, ਜੋਂਗਮਿਊਨ ਕਿਮ ਨਿਰਦੇਸ਼ਕ ਖੋਜ ਸੰਸਥਾਨ ਐੱਚ ਐੱਮ ਸੀ, ਸ਼੍ਰੀ ਚਾਇਜੂ ਕਿਮ ਮੁੱਖ ਕਾਰਜਕਾਰੀ ਅਧਿਕਾਰੀ, ਜੀਓਨ ਹਿਊ ਜੀ, ਖੋਜੀ, ਜੰਗ ਤਾਇ ਕਿਮ, ਟੀਮ ਲੀਡਰ ਕੋਰੀਅਨ ਖੇਤੀ ਤਕਨਾਲੋਜੀ ਏਜੰਸੀ ਅਤੇ ਸੋਜਿ ਓਨ ਕਿਮ ਸ਼ਾਮਿਲ ਸਨ|
ਇਸ ਸਮੂਹ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਸਾਂਝੀ ਖੋਜ, ਮਾਹਿਰਾਂ ਦਾ ਵਟਾਂਦਰਾ, ਸਹਿਯੋਗੀ ਪ੍ਰਕਾਸ਼ਨਾਵਾਂ, ਵਿਦਿਆਰਥੀਆਂ ਦੀ ਅਦਲਾ ਬਦਲੀ ਅਤੇ ਨਵੀਂ ਪੀੜ੍ਹੀ ਦੇ ਖੇਤੀ ਔਜ਼ਾਰਾਂ ਦੇ ਸਾਂਝੇ ਵਿਕਾਸ ਬਾਰੇ ਮੁੱਦੇ ਵਿਚਾਰੇ ਗਏ| ਇਸ ਬੈਠਕ ਦੌਰਾਨ ਭਾਰਤ ਅਤੇ ਕੋਰੀਆ ਦਰਮਿਆਨ ਸੰਸਥਾਈ ਸਾਂਝ ਅਤੇ ਖੇਤੀ ਤੋਂ ਇਲਾਵਾ ਵਾਤਾਵਰਨ ਸੰਬੰਧੀ ਫਿਕਰਾਂ ਦੇ ਨਾਲ-ਨਾਲ ਮਸ਼ੀਨਰੀ ਆਦਿ ਮੁੱਦਿਆਂ ਉੱਪਰ ਨੀਤੀਆਂ ਬਾਰੇ ਸਹਿਯੋਗ ਲਈ ਰਾਹ ਪੱਧਰਾ ਹੋਇਆ|
ਵਾਈਸ ਚਾਂਸਲਰ ਡਾ. ਗੋਸਲ ਨੇ ਵਿਚਾਰ-ਚਰਚਾ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੀ.ਏ.ਯੂ. ਵੱਲੋਂ ਪਾਏ ਖੇਤੀ ਯੋਗਦਾਨ ਦਾ ਵੇਰਵਾ ਦਿੱਤਾ| ਉਹਨਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਹੈ ਅਤੇ ਨਾਲ ਹੀ ਯੂਨੀਵਰਸਿਟੀ ਨੇ ਸੰਸਾਰ ਪੱਧਰ ਤੇ 100 ਸਿਖਰਲੇ ਖੇਤੀ ਸੰਸਥਾਨਾਂ ਵਿਚ ਆਪਣੀ ਹਾਜ਼ਰੀ ਦਰਜ ਕੀਤੀ ਹੈ| ਡਾ. ਗੋਸਲ ਨੇ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਮਹੱਤਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਕਾਲਜ ਨੇ ਉੱਤਰੀ ਭਾਰਤ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਖੇਤੀ ਮਸ਼ੀਨਰੀ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ| ਪੀ.ਏ.ਯੂ. ਦੇ ਬਣਾਏ ਮਸ਼ੀਨਰੀ ਡਿਜ਼ਾਇਨ ਨੂੰ ਅਧਾਰ ਬਣਾ ਕੇ ਭਾਰਤ ਸਰਕਾਰ ਨੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਪ੍ਰੋਗਰਾਮ ਨੂੰ ਮਸ਼ੀਨੀ ਰੂਪ ਪ੍ਰਦਾਨ ਕੀਤਾ| ਡਾ. ਗੋਸਲ ਨੇ ਭਵਿੱਖ ਦੀ ਖੇਤੀਬਾੜੀ ਬਾਰੇ ਪੀ.ਏ.ਯੂ. ਦੀ ਵਿਉਂਤਬੰਦੀ ਦੀ ਚਰਚਾ ਕਰਨ ਦੌਰਾਨ ਡਿਜ਼ੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਸਕੂਲ ਦੀ ਸਥਾਪਨਾ ਦਾ ਵਿਸ਼ੇਸ਼ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਇਸ ਕੇਂਦਰ ਵਿਚ ਖੇਤੀ ਮਸ਼ੀਨਰੀ ਦੇ ਡਿਜ਼ੀਟਲ, ਸੂਖਮ ਅਤੇ ਏ ਆਈ ਅਧਾਰਿਤ ਸਰੂਪ ਬਾਰੇ ਵਿਸ਼ਵ ਪੱਧਰੀ ਖੋਜ ਨੂੰ ਅਧਿਐਨ ਦਾ ਕੇਂਦਰ ਬਣਾਇਆ ਜਾ ਰਿਹਾ ਹੈ| ਇਸਦੇ ਨਾਲ ਹੀ ਡਾ. ਗੋਸਲ ਨੇ ਸਵੈ ਸੰਚਾਲਿਤ ਟਰੈਕਟਰ ਬਨਾਉਣ ਲਈ ਪੀ.ਏ.ਯੂ. ਵੱਲੋਂ ਦੇਸ਼ ਭਰ ਵਿਚ ਕੀਤੇ ਗਏ ਪਹਿਲੇ ਤਜਰਬੇ ਦਾ ਹਵਾਲਾ ਦਿੰਦਿਆਂ ਰਿਮੋਟ ਕੰਟਰੋਲ ਅਧਾਰਿਤ ਝੋਨਾ ਲਾਉਣ ਵਾਲੀ ਮਸ਼ੀਨ ਅਤੇ ਡਰੋਨ ਅਧਾਰਿਤ ਛਿੜਕਾਅ ਅਤੇ ਅੰਕੜਾ ਇਕੱਤਰ ਕਰਨ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾ ਦੱਸਿਆ|
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਇਸ ਦੌਰਾਨ ਖੇਤੀ ਮਸ਼ੀਨਕਾਰੀ ਦੇ ਖੇਤਰ ਵਿਚ ਕਾਲਜ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ| ਉਹਨਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਏ ਆਈ, ਯੂ ਏ ਵੀ’ਜ਼, ਸੈਂਸਰ ਅਧਾਰਿਤ, ਰੋਬੋਟਿਕ ਅਧਾਰਿਤ ਅਤੇ ਜੀ ਆਈ ਐੱਸ ਤਕਨਾਲੋਜੀ ਨੂੰ ਆਪਣੇ ਖੇਤੀ ਮਸ਼ੀਨੀਕਰਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ| ਇਸ ਨਾਲ ਨਾ ਸਿਰਫ ਪੰਜਾਬ ਦੀ ਬਲਕਿ ਦੇਸ਼ ਦੀ ਖੇਤੀਬਾੜੀ ਨੂੰ ਸੂਖਮ, ਨਵੀਨ ਤਕਨਾਲੋਜੀ ਕੇਂਦਰਿਤ ਅਤੇ ਨਵੀਆਂ ਪੀੜੀਆਂ ਦੀ ਅਨੁਸਾਰੀ ਸਮਾਰਟ ਬਨਾਉਣ ਦੇ ਯਤਨ ਜਾਰੀ ਹਨ| ਇਸਦੇ ਨਾਲ ਹੀ ਉਹਨਾਂ ਨੇ ਖੇਤੀ ਵਪਾਰ ਲਈ ਪ੍ਰੋਸੈਸਿੰਗ, ਮੁੱਲਵਾਧੇ ਅਤੇ ਉਤਪਾਦ ਨਿਰਮਾਣ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਨੂੰ ਗਿਣਾਇਆ| ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਵਰਗੀਆਂ ਔਖੀਆਂ ਚੁਣੌਤੀਆਂ ਸਾਹਮਣੇ ਕਾਲਜ ਨੇ ਹੈਪੀਸੀਡਰ ਤੋਂ ਲੈ ਕੇ ਸਮਾਰਟ ਸੀਡਰ ਅਤੇ ਸੁਪਰ ਸੀਡਰ ਤਕਨਾਲੋਜੀਆਂ ਦਾ ਵਿਕਾਸ ਪੰਧ ਤੈਅ ਕੀਤਾ ਹੈ| ਇਸਦੇ ਨਾਲ ਹੀ ਉਹਨਾਂ ਨੇ ਹੋਰ ਅਨਾਜ ਫਸਲਾਂ ਦੀ ਬਿਜਾਈ, ਛਿੜਕਾਅ, ਵਢਾਈ ਅਤੇ ਪ੍ਰੋਸੈਸਿੰਗ ਲਈ ਮਸ਼ੀਨਰੀ ਤੋਂ ਇਲਾਵਾ ਸਬਜ਼ੀਆਂ ਅਤੇ ਸੁਰੱਖਿਅਤ ਖੇਤੀ ਕੋਸ਼ਿਸ਼ਾਂ ਦਾ ਵਿਸਥਾਨ ਨਾਲ ਜ਼ਿਕਰ ਕੀਤਾ|
ਕੋਰੀਅਨ ਵਫ਼ਦ ਦੇ ਮੈਂਬਰਾਂ ਨੇ ਪੀ.ਏ.ਯੂ. ਵੱਲੋਂ ਖੇਤੀ ਅਧਾਰਿਤ ਨਵੀਨ ਤਕਨਾਲੋਜੀ ਮਾਡਲਾਂ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ| ਵਫ਼ਦ ਦੇ ਮੈਂਬਰ ਪੀ.ਏ.ਯੂ. ਦੀਆਂ ਤਕਨਾਲੋਜੀਆਂ ਨੂੰ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਅਪਣਾਏ ਜਾਣ ਉੱਪਰ ਤਸੱਲੀ ਨਾਲ ਭਰੇ ਨਜ਼ਰ ਆਏ| ਉਹਨਾਂ ਨੇ ਪੀ.ਏ.ਯੂ. ਦੇ ਜਾਰੀ ਮਸ਼ੀਨਰੀ ਕਾਰਜਾਂ ਵਿਚ ਕੋਰੀਅਨ ਸੰਸਥਾਵਾਂ ਦੇ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਵਿਸ਼ੇਸ਼ ਤੌਰ ਤੇ ਪੀ.ਏ.ਯੂ. ਦੇ ਸਮਾਰਟ ਮਸ਼ੀਨਰੀ ਡਿਜ਼ਾਇਨਾਂ ਵਿਚ ਸਾਂਝਦਾਰੀ ਅਤੇ ਅਕਾਦਮਿਕ ਵਟਾਂਦਰੇ ਦੀਆਂ ਸੰਭਾਵਨਾਵਾਂ ਉੱਪਰ ਗੱਲਬਾਤ ਕੀਤੀ|
ਖੇਤੀ ਮਸ਼ੀਨਰੀ ਬਾਰੇ ਕੋਰੀਅਨ ਸੁਸਾਇਟੀ ਕੋਰੀਅਨ ਗਣਰਾਜ ਵਿਚ ਖੇਤੀ ਮਸ਼ੀਨਰੀ ਅਤੇ ਅਕਾਦਮਿਕ ਸਿਖਲਾਈ ਪੱਖੋਂ ਸਿਖਰਲਾ ਅਦਾਰਾ ਹੈ| ਦੱਖਣੀ ਕੋਰੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨਾਲ ਰਲ ਕੇ ਇਹ ਸੁਸਾਇਟੀ ਖੇਤੀ ਮਸ਼ੀਨਰੀ ਦੇ ਡਿਜ਼ਾਇਨ ਅਤੇ ਨਵੀਨ ਰੂਪਾਂ ਦੀ ਕਾਢ, ਵਿਕਾਸ ਅਤੇ ਲਾਗੂ ਕਰਨ ਲਈ ਖਾਸ ਯਤਨ ਕਰਦੀ ਹੈ| ਚੁੰਗਨਾਮ ਯੂਨੀਵਰਸਿਟੀ ਨੇ ਕੋਰੀਆ ਵਿਚ ਖੇਤੀ ਨੂੰ ਡਿਜ਼ੀਟਲ ਅਤੇ ਸੂਖਮ ਬਨਾਉਣ ਲਈ ਜ਼ਿਕਰਯੋਗ ਕਾਰਜ ਕੀਤਾ ਹੈ| ਜਿਨ੍ਹਾਂ ਵਿਚ ਏ ਆਈ ਅਧਾਰਿਤ ਤਕਨੀਕਾਂ ਅਤੇ ਤਕਨਾਲੋਜੀ ਖੋਜਾਂ ਸ਼ਾਮਿਲ ਹਨ| ਜ਼ਿਕਰਯੋਗ ਹੈ ਕਿ ਸਨਚਿਓਨ ਰਾਸ਼ਟਰੀ ਯੂਨੀਵਰਸਿਟੀ ਦੇ ਲਾਈਵ ਸਾਇੰਸ ਅਤੇ ਇੰਡਸਟਰੀ ਕਾਲਜ ਨੇ ਪੋਸਟ ਗ੍ਰੈਜੂਏਟ ਪੱਧਰ ਤੇ ਵਿਦਿਆਰਥੀਆਂ ਨੂੰ ਖੇਤੀ ਸਿਖਲਾਈ ਨਾਲ ਭਰਪੂਰ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ|
ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ| ਵਫ਼ਦ ਦੇ ਮੈਂਬਰਾਂ ਨੂੰ ਪੀ.ਏ.ਯੂ. ਵੱਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ|