ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਯੂਨੀਵਰਸਿਟੀ ਦੇ ਦੂਸਰੇ ਵਾਈਸ ਚਾਂਸਲਰ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਉੱਘੇ ਵਿਗਿਆਨੀ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜਨਮਦਿਨ ਮੌਕੇ ਐੱਮ ਐੱਸ ਰੰਧਾਵਾ ਉਤਸਵ ਆਯੋਜਿਤ ਕੀਤਾ ਗਿਆ| ਵਿਦਿਆਰਥੀ ਭਵਨ ਵਿਚ ਕਰਵਾਏ ਗਏ ਇਸ ਉਤਸਵ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਵਿਚਾਰਾਂ ਦੇ ਹਵਾਲੇ ਨਾਲ ਪੀ.ਏ.ਯੂ. ਲਈ ਡਾ. ਰੰਧਾਵਾ ਦੇ ਯੋਗਦਾਨ ਨੂੰ ਯਾਦ ਕੀਤਾ| ਇਸ ਮੌਕੇ ਵਿਦਿਆਰਥੀ ਭਵਨ ਵਿਚ ਯੂਨੀਵਰਸਿਟੀ ਦੇ ਨੌਜਵਾਨ ਕਲਾਕਾਰਾਂ ਨੇ ਵੱਖ-ਵੱਖ ਵੰਨਗੀਆਂ ਅਤੇ ਸ਼ੈਲੀਆਂ ਦੀ ਪੇਸ਼ਕਾਰੀ ਕਰਦੀ ਚਿਤਰ ਪ੍ਰਦਰਸ਼ਨੀ ਵਿਚ ਭਾਗ ਲਿਆ| ਨੌਜਵਾਨ ਚਿੱਤਰਕਾਰਾਂ ਦੇ ਵਲਵਲਿਆਂ ਨੂੰ ਪਾਣੀ ਵਾਲੇ ਰੰਗਾਂ, ਪੈਨਸਿਲ ਨਾਲ ਬਣੇ ਖਾਕਿਆਂ, ਫੁੱਲ ਪੱਤੀਆਂ ਸੁਕਾਉਣ ਰਾਹੀਂ ਚਿੱਤਰਕਾਰੀ ਅਤੇ ਮਿਸ਼ਰਤ ਮਾਧਿਅਮਾਂ ਰਾਹੀਂ ਪੰਜਾਬ ਦੇ ਵੱਖ-ਵੱਖ ਰੰਗਾਂ ਨੂੰ ਕੈਨਵਸ ਉੱਪਰ ਉਤਾਰਿਆ ਗਿਆ ਸੀ| ਸਾਰਾ ਦਿਨ ਲੱਗੀ ਰਹੀ ਇਸ ਕਲਾ ਪ੍ਰਦਰਸ਼ਨੀ ਦਾ ਲੁਤਫ ਮਾਣਦਿਆਂ ਦਰਸ਼ਕਾਂ ਨੇ ਇਹਨਾਂ ਚਿੱਤਰਕਾਰਾਂ ਅਤੇ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ| ਇਸ ਤੋਂ ਇਲਾਵਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਵਿਹੜੇ ਮੌਕੇ ਤੇ ਚਿੱਤਰ ਬਨਾਉਣ ਦਾ ਇਕ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ| ਵਿਦਿਆਰਥੀਆਂ ਨੇ ਇਸ ਮੌਕੇ ਡਾ. ਰੰਧਾਵਾ ਬਾਰੇ ਵਿਚਾਰ-ਚਰਚਾ ਵਿਚ ਭਾਗ ਲਿਆ ਅਤੇ ਉਹਨਾਂ ਦੇ ਜੀਵਨ ਅਤੇ ਦੇਣ ਸੰਬੰਧੀ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਉਤਸਵ ਦਾ ਉਦਘਾਟਨ ਕੀਤਾ| ਉਹਨਾਂ ਇਸ ਮੌਕੇ ਡਾ. ਰੰਧਾਵਾ ਦੇ ਜੀਵਨ ਉੱਪਰ ਚਾਨਣਾ ਪਾਉਂਦਿਆਂ ਉਹਨਾਂ ਵਰਗੇ ਬਣਨ ਅਤੇ ਪੰਜਾਬ ਦੇ ਦਰਦ ਨਾਲ ਭਿੱਜੇ ਮਨ ਰਾਹੀਂ ਕਿਸਾਨੀ ਦੀ ਸੇਵਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ| ਡਾ. ਗੋਸਲ ਨੇ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਪੰਜਾਬੀ ਇਤਿਹਾਸ ਦੇ ਅਜਿਹੇ ਮਹਾਨ ਹਸਤਾਖਰ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਗੈਰ ਵੰਡ ਤੋਂ ਬਾਅਦ ਦੇ ਖੇਤੀ ਅਤੇ ਸਮਾਜਿਕ ਇਤਿਹਾਸ ਨੂੰ ਮੁਕੰਮਲ ਕਰਨ ਅਸੰਭਵ ਹੈ| ਉਹਨਾਂ ਵੱਲੋਂ ਪਾਏ ਨਿੱਗਰ ਯੋਗਦਾਨ ਸਦਕਾ ਪੀ.ਏ.ਯੂ. ਨੇ ਸੰਸਾਰ ਪੱਧਰ ਤੇ ਨਾਮਣਾ ਖੱਟਿਆ| ਡਾ. ਗੋਸਲ ਨੇ ਨੌਜਵਾਨ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਮਹਿੰਦਰ ਸਿੰਘ ਰੰਧਾਵਾ ਨੇ ਨਾ ਸਿਰਫ ਵਿਗਿਆਨ ਦੇ ਖੇਤਰ ਵਿਚ ਬਲਕਿ ਕਲਾ ਦੇ ਖੇਤਰ ਵਿਚ ਵੀ ਵੱਡੇ ਚਿੱਤਰਕਾਰਾਂ, ਲੇਖਕਾਂ ਅਤੇ ਨਾਟ ਕਰਮੀਆਂ ਦੀ ਪੁਸ਼ਤਪਨਾਹੀ ਕੀਤੀ|
ਸਮਾਪਤੀ ਸਮਾਰੋਹ ਵਿਚ ਕੇਂਦਰੀ ਲਾਇਬ੍ਰੇਰੀ ਐੱਨ ਆਈ ਟੀ ਵਾਰੰਗਲ ਦੇ ਸਾਬਕਾ ਲਾਇਬ੍ਰੇਰੀਅਨ ਡਾ. ਕੇ ਵਿਰਾਂਜਨੀਯੁਲੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਨੇ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਡਾ. ਰੰਧਾਵਾ ਬਾਰੇ ਵਿਚਾਰ ਪੇਸ਼ ਕਰਨ ਵਾਲੇ ਵਿਦਿਆਰਥੀਆਂ ਲਈ ਤਾਰੀਫ ਦੇ ਸ਼ਬਦ ਕਹੇ|
ਵਿਸ਼ੇਸ਼ ਤੌਰ ਤੇ ਸਮਾਪਤੀ ਸਮਾਰੋਹ ਵਿਚ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਡਾ. ਰੰਧਾਵਾ ਦੇ ਜੀਵਨ ਅਤੇ ਯੂਨੀਵਰਸਿਟੀ ਲਈ ਉਹਨਾਂ ਵੱਲੋਂ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ| ਉਹਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਦੇ ਨਾਲ-ਨਾਲ ਡਾ. ਰੰਧਾਵਾ ਨੇ ਮੌਕੇ ਦੀ ਮੰਗ ਅਨੁਸਾਰ ਦੇਸ਼ ਦੀ ਅਨਾਜ ਦੀ ਥੁੜ ਮਿਟਉਣ ਲਈ ਸੁਚਾਰੂ ਯੋਜਨਾਬੰਦੀ ਕੀਤੀ|
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਅੰਤ ਵਿਚ ਸਭਾ ਦਾ ਧੰਨਵਾਦ ਕਰਦਿਆਂ ਡਾ. ਰੰਧਾਵਾ ਦੇ ਜੀਵਨ ਤੋਂ ਸਿੱਖਿਆ ਅਤੇ ਸੇਧ ਲੈਣ ਲਈ ਉਤਸ਼ਾਹ ਪੂਰਵਕ ਸ਼ਬਦ ਕਹੇ|
ਨਿਰਦੇਸ਼ਕ ਵਿਦਿਆਰਥੀ ਭਲਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਨਿਰਮਲ ਜੌੜਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਡਾ. ਐਮ.ਐਸ. ਰੰਧਾਵਾ ਤੋਂ ਪ੍ਰੇਰਨਾ ਲੈਣ, ਜਿਨ੍ਹਾਂ ਦਾ ਖੇਤੀਬਾੜੀ, ਕਲਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਯੋਗਦਾਨ ਬੇਮਿਸਾਲ ਹੈ। ਡਾ. ਰੰਧਾਵਾ ਦੇ ਅਣਥੱਕ ਸਮਰਪਣ ਅਤੇ ਬਹੁ-ਅਨੁਸ਼ਾਸਨੀ ਪ੍ਰਤਿਭਾ ਨੂੰ ਉਜਾਗਰ ਕਰਦੇ ਹੋਏ, ਡਾ. ਜੌੜਾ ਨੇ ਵਿਦਿਆਰਥੀਆਂ ਨੂੰ ਡਾ ਰੰਧਾਵਾ ਦੇ ਮਾਰਗਦਰਸ਼ਨ ਤੇ ਚੱਲਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਤਰੱਕੀ ਲਈ ਡੂੰਘੀ ਵਚਨਬੱਧਤਾ ਨਾਲ ਵਿਦਿਅਕ ਉੱਤਮਤਾ ਨੂੰ ਮਿਲਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਸੱਭਿਆਚਾਰਕ ਗਤੀਵਿਧੀਆਂ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ, ਉੱਘੇ ਪੁਲਿਸ ਅਧਿਕਾਰੀ ਸ਼੍ਰੀ ਗੁਰਪ੍ਰੀਤ ਤੂਰ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ, ਡਾ. ਅਭਿਸ਼ੇਕ, ਡਾ. ਬੂਟਾ ਸਿੰਘ ਢਿੱਲੋਂ, ਡਾ. ਬਿਕਰਮਜੀਤ ਸਿੰਘ, ਸ਼੍ਰੀ ਤੇਜਪ੍ਰਤਾਪ ਸਿੰਘ ਸੰਧੂ, ਡਾ. ਗੁਰਵੀਰ ਕੌਰ, ਮੈਡਮ ਗੁਰਚਰਨ ਕੌਰ ਕੋਚਰ, ਸ਼੍ਰੀ ਹਰਪਾਲ ਸਿੰਘ ਮਾਂਗਟ ਅਤੇ ਸ਼੍ਰੀ ਸਤਵੀਰ ਸਿੰਘ ਮੌਜੂਦ ਰਹੇ|
ਸਮਾਰੋਹ ਦਾ ਸੰਚਾਲਨ ਡਾ. ਆਸ਼ੂ ਤੂਰ ਅਤੇ ਵਿਦਿਆਰਥੀ ਰਾਘਵ ਦੁੱਗਲ ਨੇ ਕੀਤਾ|
