Read In English
In his remarks, Dr. Satbir Singh Gosal, Vice-Chancellor, PAU, cherished the all-time connection between the PAU and the farmers who were each others’ moral support, lifeline and pillar of strength. Since inception of PAU, this University has touched peak of success with the undeviating attention and ardent support of agricultural community, he added. Collectively, the scientists-farmers have walked miles and miles as well as worked in unison, making enormous contribution to the nation’s food kitty and cultivating great acknowledgement worldwide, he observed. Applauding the PAU Kisan Club membership, Dr. Satbir Singh Gosal divulged that the number has touched 7,200, which speaks of ever-growing trust between the experts and the farmers.
Dr RIS Gill, Dean, College of Horticulture; Dr GPS Sodhi, ADEE; Dr KS Badesha, Khalsa Aid Canada; Dr Kulwant Singh Dhaliwal and Dr Parminder Singh from World Cancer Care, also spoke on the occasion.
ਅੱਜ ਪੀ.ਏ.ਯੂ. ਦੇ ਕੈਰੋਂ ਕਿਸਾਨ ਘਰ ਵਿਚ ਪੀ.ਏ.ਯੂ. ਕਿਸਾਨ ਕਲੱਬ ਦਾ ਸਲਾਨਾ ਸਮਾਗਮ ਕਿਸਾਨਾਂ ਦੀ ਭਰਪੂਰ ਹਾਜ਼ਰੀ ਵਿਚ ਨੇਪਰੇ ਚੜਿਆ| ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ| ਡਾ. ਗੋਸਲ ਨੇ ਇਸ ਮੌਕੇ ਹਾਜ਼ਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਵਿਕਾਸ ਅਤੇ ਇਸ ਖੇਤਰ ਵਿਚ ਕੀਤੀ ਤਰੱਕੀ ਲਈ ਪੀ.ਏ.ਯੂ. ਕਿਸਾਨ ਕਲੱਬ ਨੂੰ ਅਹਿਮ ਅੰਗ ਕਿਹਾ| ਉਹਨਾਂ ਕਿਹਾ ਕਿ ਕਿਸਾਨ ਕਲੱਬ ਨਾਲ ਜੁੜੇ ਕਿਸਾਨਾਂ ਨੇ ਹੀ ਪੀ.ਏ.ਯੂ. ਦੀਆਂ ਖੇਤੀ ਖੋਜਾਂ ਨੂੰ ਦੂਰ-ਦਰਾਜ ਦੇ ਕਿਸਾਨਾਂ ਤੱਕ ਪ੍ਰਸਾਰਿਤ ਕੀਤਾ| ਇਸੇ ਦਾ ਸਦਕਾ ਪੰਜਾਬ ਦਾ ਖੇਤੀ ਉਤਪਾਦਨ ਦੇਸ਼ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਬੇਮਿਸਾਲ ਹੋਇਆ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਕਿਸਾਨ ਕਲੱਬ ਨਾਲ ਜੁੜ ਕੇ ਅਨੇਕ ਕਿਸਾਨਾਂ ਨੇ ਆਪਣੀ ਖੇਤੀ ਦੇ ਤਰੀਕੇ ਅਤੇ ਆਪਣੇ ਕਾਸ਼ਤ ਵਿਹਾਰ ਨੂੰ ਤਬਦੀਲ ਕੀਤਾ| ਅਗਾਂਹਵਧੂ ਕਿਸਾਨਾਂ ਦੀ ਇਕ ਪੂਰੀ ਪੀੜੀ ਕਿਸਾਨ ਕਲੱਬ ਦੀਆਂ ਸਿਖਲਾਈਆਂ ਅਤੇ ਖੇਤੀ ਮਾਹਿਰਾਂ ਦੇ ਨੁਕਤਿਆਂ ਨੂੰ ਆਪਣੇ ਖੇਤਾਂ ਵਿਚ ਲਾਗੂ ਕਰਨ ਨਾਲ ਸਾਹਮਣੇ ਆਈ| ਡਾ. ਗੋਸਲ ਨੇ ਮੌਜੂਦਾ ਖੇਤੀ ਦ੍ਰਿਸ਼ ਬਾਰੇ ਚਰਚਾ ਕਰਦਿਆਂ ਕਿਹਾ ਕਿ ਅੱਜ ਖੇਤੀ ਖੇਤਰ ਨੂੰ ਇਕ ਵਾਰ ਫਿਰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਕਿਸਾਨ ਕਲੱਬ ਦੇ ਮੈਂਬਰਾਂ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਂਦੀ ਹੈ| ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਰਵਾਇਤੀ ਖੇਤੀ ਨੂੰ ਕਾਰੋਬਾਰੀ ਰਸਤੇ ਤੇ ਤੋਰਨ ਲਈ ਸਿਖਲਾਈ ਹਾਸਲ ਕਰਨ ਤਾਂ ਜੋ ਉਹਨਾਂ ਦੀਆਂ ਆਉਂਦੀਆਂ ਪੀੜੀਆਂ ਇਸ ਕਿੱਤੇ ਨੂੰ ਸ਼ੌਂਕ ਨਾਲ ਅਪਣਾ ਸਕਣ| ਉਹਨਾਂ ਨੇ ਪੀ.ਏ.ਯੂ. ਵੱਲੋਂ ਨਵੀਆਂ ਤਕਨੀਕਾਂ ਨੂੰ ਖੇਤੀ ਖੋਜ ਦਾ ਹਿੱਸਾ ਬਨਾਉਣ ਦੀ ਗੱਲ ਕਰਦਿਆਂ ਦੱਸਿਆ ਕਿ ਅੱਜ ਉਤਪਾਦਨ ਦੇ ਨਾਲ-ਨਾਲ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬੇਹੱਦ ਲਾਜ਼ਮੀ ਹੈ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਕੋਲੋਂ ਇਹ ਆਸ ਹੈ ਕਿ ਉਹ ਹੋਰ ਕਿਸਾਨਾਂ ਨੂੰ ਗਿਆਨ ਦੇ ਇਸ ਚਾਨਣ ਨਾਲ ਜੋੜ ਕੇ ਵਿਗਿਆਨਕ ਖੇਤੀ ਦਾ ਪਸਾਰ ਹੋਰ ਅਗਾਂਹ ਕਰਨਗੇ|
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਿਸਾਨ ਕਲੱਬ ਕੁਝ ਉੱਦਮੀ ਕਿਸਾਨਾਂ ਦੇ ਯਤਨ ਨਾਲ ਸ਼ੁਰੂ ਹੋਇਆ ਸੀ ਪਰ ਇਸਦੇ ਜੋਤ ਨਾਲ ਜੋਤ ਜਗਦੇ ਰਹਿਣ ਦਾ ਸਿੱਟਾ ਹੈ ਕਿ ਅੱਜ ਇਹ ਪਰਿਵਾਰ ਪੂਰੇ ਪੰਜਾਬ ਦੇ ਕਿਸਾਨਾਂ ਦਾ ਸਮੂਹ ਬਣ ਗਿਆ ਹੈ| ਉਹਨਾਂ ਕਿਹਾ ਕਿ ਕਲੱਬ ਵੱਲੋਂ ਦਿੱਤੀ ਜਾਣ ਵਾਲੀ ਮਾਸਿਕ ਸਿਖਲਾਈ ਚਲੰਤ ਖੇਤੀ ਮਸਲਿਆਂ ਦੇ ਨਾਲ-ਨਾਲ ਸਮਾਜ ਨੂੰ ਸਹੀ ਦਿਸ਼ਾ ਵਿਚ ਤੋਰਨ ਦਾ ਮੁੱਲਵਾਨ ਕਾਰਜ ਕਰਦੀ ਹੈ| ਡਾ. ਢਿੱਲੋਂ ਨੇ ਕਿਸਾਨਾਂ ਨੂੰ ਆਉਂਦੇ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਭਾਰੀ ਗਿਣਤੀ ਵਿਚ ਇਹਨਾਂ ਮੇਲ਼ਿਆਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ|
ਅਪਰ ਨਿਰਦੇਸ਼ਕ ਸੰਚਾਰ ਅਤੇ ਕਿਸਾਨ ਕਲੱਬ ਦੇ ਸੰਚਾਲਕ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਰੋਹ ਵਿਚ ਸ਼ਾਮਿਲ ਹੋਏ ਕਿਸਾਨਾਂ ਅਤੇ ਮਾਹਿਰਾਂ ਸਮੇਤ ਵਾਈਸ ਚਾਂਸਲਰ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਕਲੱਬ ਕਿਸਾਨਾਂ ਦੀ ਖੇਤੀ ਦੇ ਨਾਲ-ਨਾਲ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਪਰਿਵਾਰ ਨਾਲ ਜੁੜੇ ਸਰੋਕਾਰਾਂ ਨੂੰ ਵੀ ਮਾਸਿਕ ਮੀਟਿੰਗਾਂ ਵਿਚ ਵਿਚਾਰਦਾ ਹੈ|
ਇਸ ਮੌਕੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਸਹਿਯੋਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ, ਖਾਲਸਾ ਏਡ ਕੈਨੇਡਾ ਤੋਂ ਸ. ਕਰਨਵੀਰ ਸਿੰਘ ਬਦੇਸ਼ਾ, ਵਰਲਡ ਕੈਂਸਰ ਕੇਅਰ ਤੋਂ ਸ਼੍ਰੀ ਕੁਲਵੰਤ ਧਾਲੀਵਾਲ, ਡਾ. ਧਰਮਿੰਦਰ ਸਿੰਘ ਅਤੇ ਟੀਮ ਦੇ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਸਨ| ਸ਼੍ਰੀ ਕੁਲਵੰਤ ਧਾਲੀਵਾਲ ਨੇ ਸਿਹਤਮੰਦ ਜੀਣ ਤਰੀਕਿਆਂ ਤੋਂ ਹਾਜ਼ਰ ਕਿਸਾਨਾਂ ਨੂੰ ਜਾਣੂੰ ਕਰਵਾਇਆ| ਡਾ. ਧਰਮਿੰਦਰ ਸਿੰਘ ਨੇ ਤੰਦਰੁਸਤ ਰਹਿਣ ਦੇ ਆਮ ਤਰੀਕੇ ਸਾਂਝੇ ਕੀਤੇ|
ਪ੍ਰਧਾਨਗੀ ਮੰਡਲ ਨੇ ਅਗਾਂਹਵਧੂ ਕਿਸਾਨਾਂ ਨੂੰ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ|
ਇਸ ਸਲਾਨਾ ਸਿਖਲਾਈ ਪ੍ਰੋਗਰਾਮ ਵਿਚ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ| ਕੀਟ ਵਿਗਿਆਨੀ ਡਾ. ਅਮਿਤ ਚੌਧਰੀ ਨੇ ਸ਼ਹਿਦ ਮੱਖੀਆਂ ਦੀ ਉਤਪਾਦਕਤਾ ਵਧਾਉਣ ਸੰਬੰਧੀ ਅਤੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਣ ਸਿੰਘ ਵਾਲੀਆ ਨੇ ਸੰਯੁਕਤ ਖੇਤੀ ਪ੍ਰਣਾਲੀ ਬਾਰੇ ਚਾਨਣਾ ਪਾਇਆ|
ਅੰਤ ਵਿਚ ਧੰਨਵਾਦ ਦੇ ਸ਼ਬਦ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਕਹੇ| ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਗਰੇਵਾਲ ਨੇ ਕਿਸਾਨ ਕਲੱਬ ਦੀ ਸਲਾਨਾ ਰਿਪੋਰਟ ਪੇਸ਼ ਕੀਤੀ| ਕਲੱਬ ਦਾ ਸੋਵੀਨਰ ਵੀ ਪ੍ਰਧਾਨਗੀ ਮੰਡਲ ਨੇ ਲੋਕ ਅਰਪਿਤ ਕੀਤਾ|
ਹਾਜ਼ਰ ਕਿਸਾਨਾਂ ਨੂੰ ਖੇਤੀ ਅਤੇ ਸਿਹਤ ਸੰਬੰਧੀ ਵਿਲੱਖਣ ਜਾਣਕਾਰੀ ਦਿੰਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ|
