ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਾਰਚ-2026 ਵਿੱਚ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕੀਤਾ ਹੈ| ਸਾਂਝੀ ਕੀਤੀ ਵਿਉਂਤਬੰਦੀ ਅਨੁਸਾਰ ਮੇਲਿਆਂ ਦੀ ਸ਼ੁਰੂਆਤ 10 ਮਾਰਚ ਨੂੰ ਨਾਗਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ | ਇਸ ਤੋਂ ਬਾਅਦ 12 ਮਾਰਚ ਨੂੰ ਪਟਿਆਲਾ (ਰੌਣੀ), 14 ਮਾਰਚ ਨੂੰ ਬੱਲੋਵਾਲ ਸੌਂਖੜੀ, 17 ਮਾਰਚ ਨੂੰ ਫਰੀਦਕੋਟ, 24 ਮਾਰਚ ਨੂੰ ਬਠਿੰਡਾ ਅਤੇ 27 ਮਾਰਚ ਨੂੰ ਗੁਰਦਾਸਪੁਰ ਵਿਖੇ ਕਿਸਾਨ ਮੇਲੇ ਕਰਵਾਏ ਜਾਣਗੇ| ਪੀ.ਏ.ਯੂ. ਲੁਧਿਆਣਾ ਵਿਖੇ ਦੋ ਰੋਜਾ ਕਿਸਾਨ ਮੇਲਾ 20 ਅਤੇ 21 ਮਾਰਚ ਨੂੰ ਹੋਵੇਗਾ |
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਿਸਾਨ ਮੇਲਿਆਂ ਦਾ ਉਦੇਸ਼ ‘ਖੇਤੀ ਵਿਭਿੰਨਤਾ ਅਪਣਾਓ, ਵੱਡਮੁੱਲਾ ਵਾਤਾਵਰਨ ਬਚਾਓ’ ਰੱਖਿਆ ਗਿਆ ਹੈ| ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਖੇਤੀਬਾੜੀ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨਗੇ|
ਨਿਰਦੇਸਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮੇਲਿਆਂ ਦੇ ਸਫਲ ਅਤੇ ਸੁਚਾਰੂ ਆਯੋਜਨ ਲਈ ਪੀ.ਏ.ਯੂ. ਵਿਖੇ ਤਿਆਰੀਆਂ ਚੱਲ ਰਹੀਆਂ ਹਨ | ਕਿਸਾਨ ਪੀ.ਏ.ਯੂ. ਦੀ ਪ੍ਰੇਰਕ ਸ਼ਕਤੀ ਹਨ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਅਤੇ ਊਰਜਾ ਨਾਲ ਭਰੀ ਹਿੱਸੇਦਾਰੀ ਪੀ.ਏ.ਯੂ. ਨੂੰ ਆਪਣੇ ਪੈਰਾਂ ’ਤੇ ਖੜ੍ਹੀ ਰਹਿਣ ਅਤੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਬਦਲਦੀਆਂ ਅਤੇ ਲਗਾਤਾਰ ਵਧਦੀਆਂ ਲੋੜਾਂ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕਰਦੀ ਹੈ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਅਤੇ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਸਮੁੱਚੇ ਪ੍ਰਸਾਰ ਅਤੇ ਸੰਚਾਰ ਮਾਧਿਅਮਾਂ ਰਾਹੀਂ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ| ਉਹਨਾਂ ਇਹ ਵੀ ਦੱਸਿਆ ਕਿ ਮੇਲੇ ਵਿਚ ਸਾਉਣੀ ਦੀਆਂ ਫਸਲਾਂ ਦੇ ਬੀਜਾਂ, ਫਲਦਾਰ ਬੂਟਿਆਂ, ਖੇਤੀ ਸਾਹਿਤ ਅਤੇ ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ ਦੇ ਨਾਲ-ਨਾਲ ਕਾਸ਼ਤ ਤਕਨੀਕਾਂ ਸੰਬੰਧੀ ਮਾਹਿਰਾਂ ਦੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ|
